Subscribe

RSS Feed (xml)

Powered By

Skin Design:
Free Blogger Skins

Powered by Blogger

Sunday, March 28, 2010

ਨਿੰਮ ਦੀ ਗੁੜਤੀ...


ਮਾਂ !
ਅਸੀਂ ਜੋ ਹਰ ਰੋਜ਼
ਆਪਣੇ ਹੀ ਸਰੀਰ ਵਿੱਚ ਉੱਤਰਦੇ ਹਾਂ
ਕਿਸੇ ਨਾਗ ਦੇ ਡੰਗ ਵਾਂਗ ,
ਅਸੀਂ ਪਵਿੱਤਰ ਰਿਸ਼ਤੇ ਦੇ ਨਾਅ ਹੇਠ
ਤੇਰੀ ਕੁੱਖ ਨੂੰ ਦਿੱਤੀ ਬਦਤਰੀਨ ਦੁਆ ਹਾਂ ,
ਤੂੰ ਸਾਡੇ ਜਨਮ ਤੇ ਬੂਹੇ ਵਿੱਚ
ਨਹੀਂ ਬੰਨਣ ਦੇਣੇ ਸਨ ਨਿੰਮ ਦੇ ਪੱਤੇ
ਨਿੰਮ ਬੜਾ ਕੌੜਾ ਹੁੰਦਾ ਹੈ ਅੰਮੜੀਏ !
ਤੇ ਕੁੜੱਤਣ ਤਾਂ ਸਾਡੇ ਨਾਲ ਜੁੜ ਜਾਂਦੀ ਹੈ
ਜਨਮ ਤੋਂ ਹੀ ,
ਚੰਗਾ ਹੁੰਦਾ ਏਦੂੰ ਤਾਂ ਤੂੰ ਸਾਨੂੰ ਜੰਮਦਿਆਂ ਨੂੰ ਹੀ
ਚਟਾ ਦਿੰਦੀ ਸਾਡੀਆਂ ਭੈਣਾ ਵਾਂਗ ਮਹੁਰਾ ,
ਸਾਨੂੰ ਘਰ ਅੰਦਰ ਆਉਂਦੇ ਜਾਂਦੇ
ਪਲ ਪਲ ਧਾਰਨ ਤਾਂ ਨਾ ਕਰਨਾ ਪੈਂਦਾ
ਆਪਣੇ ਮਸਤਕ ਵਿੱਚ
ਨਿੰਮ ਦੀ ਕੁੜਤਣ ਦਾ ਤੁਪਕਾ ਤੁਪਕਾ ,
ਤੇ ਅਸੀਂ ਅੱਜ ਇੰਨੇ ਜਹਿਰੀਲੇ ਨਾ ਹੁੰਦੇ ਕਿ-
ਉੱਡਣੇ ਸੱਪ ਵੀ ਸਹਿਮ ਜਾਂਦੇ ਸਾਡੇ ਜ਼ਿਕਰ ਤੇ !
ਜਿਵੇਂ ਕਿ ਹੁਣ ਰੋਜ਼ ਵਾਪਰਦਾ ਹੈ
ਅਸੀਂ ਪਹਿਲਾਂ ਆਪਣਾ ਡੰਗ ਪੀ ਕੇ
ਖਿੜਾਉਂਦੇ ਹਾਂ ਆਪਣਾ ਨਸ਼ਾ ,
ਤੇ ਫੇਰ ਤੇਰੀ ਹਿੱਕ ਤੇ ਚੜ ਕੇ
ਵਹਿਸ਼ਤ ਦਾ ਖੌਰੂ ਪਾਉਨੇ ਆਂ !
ਮਾਂ ! ਜੇ ਤੂੰ ਚਾਹੁੰਨੀ ਏਂ ਕਿ ਅਸੀਂ ਨਾ ਬਣਦੇ
ਤੇਰੇ ਦੁੱਧ ਦੇ ਅਪਮਾਨ ਦੀ ਪਰੀਭਾਸ਼ਾ ,
ਤਾਂ ਤੂੰ ਵੀ ਸਾਨੂੰ ਨਹੀਂ ਦੇਣੀ ਸੀ
ਨਿੰਮ ਦੇ ਰਸ ਦੀ ਗੁੜਤੀ !
**************
[ a poem from my book '' arthan da jungle'' ]

2 comments:

  1. ਤੁਹਾਡੀ ਸਾਰੀ ਕਿਤਾਬ ਹੀ ਬਹੁਤ ਪਿਆਰੀ ਏ। ਮੁਹੱਬਤੀ ਅਹਿਸਾਸ ਨੂੰ ਏਨੀ ਬਾਰੀਕੀ ਨਾਲ ਅਮਰਦੀਪ ਹੀ ਚਿਤਰ ਸਕਦਾ ਹੈ।

    ReplyDelete