
ਸੁਣੋ ਸੁਣੋ ਸੁਣੋ !
ਫੁਰਮਾਨ ਹੈ ਰਾਜੇ ਦਾ
ਮੋਹਰ ਹੈ ਮੁਕੱਦਮਾਂ ਦੀ !
ਸੜਕਾਂ ਤੇ ਰੁਲਦੇ ਬੇਰੋਜ਼ਗਾਰਾਂ
ਆਤਮ-ਹੱਤਿਆ ਕਰਦੇ ਕਿਸਾਨਾਂ
ਭੁੱਖ-ਹੜਤਾਲ ਤੇ ਬੈਠੀਆਂ ਬੀਬੀਆਂ
ਸੱਚ ਲਿਖਦੇ ਲੇਖਕਾਂ
ਤੇ ਲੋਕਾਂ ਦੀ ਆਵਾਜ਼ ਬਣੇ ਆਗੂਆਂ ਨੂੰ
ਸੂਚਿਤ ਕੀਤਾ ਜਾਂਦਾ ਹੈ ,
ਸਾਡੇ ਕੋਲ ਪੁਲਿਸ ਹੈ
ਸਾਡੇ ਕੋਲ ਡਾਗਾਂ ਨੇ ,
ਨੌਕਰੀਆਂ ਨਹੀਂ ਹਨ ਸਾਡੇ ਕੋਲ !
ਕੋਈ ਇਲਾਜ਼ ਨਹੀਂ ਹੈ ਸਾਡੇ ਕੋਲ
ਕਿਸਾਨਾਂ ਦੇ ਕਰਜ਼ੇ ਦਾ ,
ਹਾਂ ... ਸਲਫਾਸ ਸੌਖਿਆਂ ਹੀ ਮਿਲ ਜਾਵੇਗੀ
ਇਹ ਸਾਡਾ ਵਾਅਦਾ ਹੈ !
ਅਸੀਂ ਕਲਮਾਂ ਖਰੀਦ ਲਵਾਂਗੇ ,
ਅਸੀਂ ਜਾਗੇ ਲੋਕਾਂ ਨੂੰ
ਨੀਂਦ ਦੀਆਂ ਗੋਲੀਆਂ ਦੇ ਦੇਵਾਂਗੇ !
ਅਸੀਂ ਜੇਲਾਂ ਦੀਆਂ ਕਾਲ-ਕੋਠੜੀਆਂ 'ਚ
ਬੰਦ ਕਰ ਦਿਆਂਗੇ ਹਰ ਰੌਸ਼ਨ ਮੱਥਾ !
ਭਾਰਤ ਆਜ਼ਾਦ ਹੈ
ਜੇ ਹਰ ਨਾਗਰਿਕ ਨੂੰ ਹੱਕ ਹੈ
ਹੱਕ ਸੱਚ ਲਈ ਆਵਾਜ਼ ਬੁਲੰਦ ਕਰਨ ਦਾ ,
ਤਾਂ ਸਾਨੂੰ ਵੀ ਹੱਕ ਹੈ ਦਮਨ ਕਰਨ ਦਾ...!
ਸੁਣੋ ਸੁਣੋ ਸੁਣੋ !
ਫੁਰਮਾਨ ਹੈ ਰਾਜੇ ਦਾ
ਮੋਹਰ ਹੈ ਮੁਕੱਦਮਾਂ ਦੀ !

RSS Feed (xml)
great truth...no comment sir...greattttt...
ReplyDelete