Subscribe

RSS Feed (xml)

Powered By

Skin Design:
Free Blogger Skins

Powered by Blogger

Sunday, February 20, 2011

ਮਾਂ ਨੇ ਕਿਹਾ ਸੀ.....


ਮਾਂ ਨੂੰ ਸਿਰਫ ਆਪਣਾ ਨਾਮ ਲਿਖਣਾ ਆਉਂਦਾ ਸੀ ਪੰਜਾਬੀ 'ਚ , ਉਹਨਾਂ ਸਮਿਆਂ 'ਚ ਕੁੜੀਆਂ ਨੂੰ ਪੜਾਉਣ ਦਾ ਰਿਵਾਜ਼ ਨਹੀਂ ਸੀ । ਹਾਲਾਤ ਹੀ ਅਜਿਹੇ ਸਨ , ਜਗੀਰੂ ਸੰਸਕਾਰਾਂ ਦੀ ਪਕੜ ਐਨੀ ਪੀਢੀ ਸੀ ਕਿ ਕੁੜੀਆਂ ਦਾ ਘਰੋਂ ਬਾਹਰ ਨਿਕਲਣਾ ਤੱਕ ਵਿਵਰਜਿਤ ਸੀ । ਮਾਂ ਨੇ ਫੇਰ ਵੀ ਉਨਾਂ ਸਮਿਆਂ 'ਚ ਆਪ ਹਸਤਾਖਰ ਕਰਨੇ ਸਿਖੇ , ਦੋਵੇਂ ਬੇਟੀਆਂ ਨੂੰ ਪੜਾਇਆ । ਮੇਰੀ ਇੱਕ ਭੈਣ ਸਕੂਲ ਅਧਿਆਪਕ ਬਣੀ ਤੇ ਦੂਜੀ ਕਾਲਜ ਅਧਿਆਪਕ । ਮੇਰੀ ਪੜਾਈ ਦੇ ਪਿੱਛੇ ਵੀ ਮਾਂ ਦਾ ਨਿਰੰਤਰ ਮਾਰਗ ਦਰਸ਼ਨ ਰਿਹਾ ਹੈ ।
ਮਾਂ ਨੂੰ ਸੰਗੀਤ ਦੀ ਚੰਗੀ ਸਮਝ ਸੀ । ਹੰਸ ਭਾਅ ਜੀ , ਦਿਲਸ਼ਾਦ ਅਖਤਰ ਤੇ ਸਲੀਮ ਦੀ ਗਾਇਕੀ ਉਸਨੂੰ ਪਸੰਦ ਸੀ । ਮੈਨੂੰ ਯਾਦ ਹੈ ਕਿ ਦਿਲਸ਼ਾਦ ਦੀ ਬੇਵਕਤ ਮੌਤ ਤੇ ਮਾਂ ਬਹੁਤ ਰੋਈ ਸੀ । ਮਾਂ ਨੂੰ ਲੋਕ ਗੀਤ , ਬੋਲੀਆਂ , ਟੱਪੇ , ਦੋਹੇ ਵੱਡੀ ਗਿਣਤੀ 'ਚ ਯਾਦ ਸੀ । ਮਾਂ ਨੂੰ ਮੈਂ ਅਕਸਰ ਵਿਆਹ ਸਾਹੇ ਤੇ ਗਾਉਂਦਿਆਂ ਸੁਣਿਆ ਹੈ , ਉਹ ਕਮਾਲ ਦਾ ਗਾਉਂਦੀ ਸੀ । ਦੋਹਾ ਤਾਂ ਉਸਦੇ ਵਰਗਾ ਮੈਂ ਕਿਸੇ ਵੀ ਆਮ ਔਰਤ ਨੂੰ ਲਾਉਦੇ ਨਹੀਂ ਸੁਣਿਆ । ਹਾਲੇ ਚਾਰ ਪੰਜ ਸਾਲ ਪਹਿਲਾਂ ਦੀ ਹੀ ਗੱਲ ਹੈ ਜਦ ਮਾਂ ਬਿਮਾਰ ਹੋ ਚੁੱਕੀ ਸੀ , ਸਾਡੇ ਗਵਾਂਢ 'ਚ ਇੱਕ ਮੁੰਡੇ ਦੇ ਵਿਆਹ ਤੇ ਮਾਂ ਨੇ ਜਦ '' ਦੋਹਾ '' ਲਾਇਆ ਤਾਂ ਸਾਰੇ ਲੋਕ ਹੈਰਾਨ ਰਹਿ ਗਏ ਸਨ ਕਿ ਇੱਕ ਬਿਮਾਰ , ਕਮਜ਼ੋਰ ਔਰਤ ਦੀ ਆਵਾਜ਼ ਐਨੀ ਦਮਦਾਰ ਤੇ ਉੱਚੀ .... !
ਆਪਣੇ ਆਖਰੀ ਸਾਹ ਤੋਂ ਪੰਜ ਛੇ ਦਿਨ ਪਹਿਲਾਂ ਮਾਂ ਨੇ ਕਮਾਲ ਦੀ ਗੱਲ ਕੀਤੀ , ਉਸਨੇ ਅਖਬਾਰ ਨਾਲ ਕਦੇ ਕਦੇ ਉਹਦੀ ਗੰਦਗੀ ਸਾਫ ਕਰਦੀ ਮੇਰੀ ਪਤਨੀ ਨੂੰ ਪੁੱਛਿਆ , '' ਰਾਣੀ...ਇਹ ਕਿਹੜੇ ਅਖਬਾਰ ਨਾਲ ਤੂੰ ਇਹ ਗੰਦਗੀ ਸਾਫ ਕਰਦੀ ਏ ਰੋਜ਼..? " ਮੇਰੀ ਪਤਨੀ ਨੇ ਜਵਾਬ ਦਿੱਤਾ , '' ਬੀਜੀ...ਜਿਹੜਾ ਅਖਬਾਰ ਆਪਣੇ ਆਉਂਦਾ ਹੈ....ਪੰਜਾਬੀ ਦਾ...ਕਦੇ ਅੰਗਰੇਜੀ ਦਾ ਹੁੰਦਾ ..! "
ਇਹ ਸੁਣ ਕੇ ਮਾਂ ਰਤਾ ਕੁ ਤਲਖੀ ਨਾਲ ਬੋਲੀ , '' ਭਾਈ ..ਪੰਜਾਬੀ ਦੇ ਅਖਬਾਰ ਨਾਲ ਇਹ ਗੰਦ ਨੀ ਚੁੱਕਣਾ...ਪੰਜਾਬੀ ...ਸਾਡੇ ਗੁਰਾਂ ਦੀ ਭਾਸ਼ਾ ਹੈ..ਗੁਰਮੁਖੀ...ਆਪਣੀ ਭਾਸ਼ਾ ਦਾ ਸਤਿਕਾਰ ਕਰੋ ਭਾਈ...ਇਸ ਦੇ ਅੱਖਰਾਂ ਦੀ ਬੇ-ਇੱਜ਼ਤੀ ਨਾ ਕਰੋ...! "
ਮਾਂ ਦੀ ਗੱਲ ਸੁਣ ਕੇ ਅਸੀਂ ਸਾਰੇ ਹੈਰਾਨ ਰਹਿ ਗਏ , ਅਨਪੜ ਹੁੰਦੇ ਹੋਏ ਵੀ ਕਿੰਨੀ ਚੇਤੰਨ ਸੀ ਮਾਂ...ਆਪਣੇ ਆਖਰੀ ਸਾਹ ਤੱਕ .. ਜਦ ਕਿ ਉਸਨੂੰ ਮੰਜੇ ਤੇ ਪਈ ਨੂੰ ਵੀ ਪੰਦਰਾਂ ਸਾਲ ਹੋ ਗਏ ਸਨ !

No comments:

Post a Comment