
******************************
ਹਰ ਵਿਹੜੇ ਸੁੱਖ ਹੋਵੇ, ਹਰ ਖੇੜੇ ਸੁੱਖ ਹੋਵੇ
ਹਰਾ ਹਰ ਰੁੱਖ ਹੋਵੇ, ਸੂਹਾ ਹਰ ਮੁੱਖ ਹੋਵੇ।
ਕੁੱਲ ਆਲਮ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਧਰੀਂ।
ਖ਼ੁਦਾਇਆ ਖ਼ੈਰ ਕਰੀਂ....
ਠੰਢਾ ਰੱਖੀਂ ਮੇਰੇ ਪਿੰਡ ਦੀ ਪੌਣ ਦੇ ਬੁੱਲ੍ਹਿਆਂ ਨੂੰ।
ਮਘਦਾ ਰੱਖੀਂ ਹਰ ਘਰ ਦੇ ਵਿਚ ਉਸਰੇ ਚੁੱਲ੍ਹਿਆਂ ਨੂੰ।
ਹਰ ਖੇਤ ਰਹੇ ਲਹਿਰਾਉਂਦਾ
ਹਰ ਕਾਮਾ ਬੋਲੀਆਂ ਪਾਉਂਦਾ।
ਧਰਤੀ ਮਾਂ ਦੀ ਝੋਲੀ ਦੇ ਵਿਚ ਦਾਣਾ ਦਾਣਾ ਆਪ ਭਰੀਂ।
ਖ਼ੁਦਾਇਆ ਖ਼ੈਰ ਕਰੀਂ.....
ਨਜ਼ਰ ਸਵੱਲੀ ਰੱਖੀਂ ਹਰ ਥਾਂ ਧੁੱਪਾਂ ਛਾਵਾਂ 'ਤੇ
ਤੇਰੀ ਰਹਿਮਤ ਸਦਾ ਬਰਸੇ ਸਾਰੀਆਂ ਮਾਵਾਂ 'ਤੇ
ਹਰ ਰੁੱਤ 'ਤੇ ਰੱਖੀਂ ਪਹਿਰਾ
ਹਰ ਪੁੱਤ 'ਤੇ ਰੱਖੀਂ ਪਹਿਰਾ।
ਹਰ ਇਕ ਧੀ ਦੀ ਡੋਲੀ ਜਾਵੇ ਸੁਪਨੇ ਵਰਗੇ ਸੋਨ ਦਰੀਂ।
ਖ਼ੁਦਾਇਆ ਖ਼ੈਰ ਕਰੀਂ.....
ਆਬਾਦ ਰੱਖੀਂ ਤੂੰ ਵਿਚ ਪ੍ਰਦੇਸੀਂ ਵਸਦੇ ਵੀਰਾਂ ਨੂੰ।
ਕੰਢਿਆਂ ਅੰਦਰ ਵਹਿਣ ਦੇਈਂ ਨਦੀਆਂ ਦੇ ਨੀਰਾਂ ਨੂੰ।
ਰਹਿਣ ਸੁਰ 'ਤੇ ਗੀਤ ਸਲਾਮਤ
ਹਰ ਦਿਲ ਵਿਚ ਪਲੇ ਮੁਹੱਬਤ।
ਕਿੱਕਲੀ ਪਾ ਕੇ ਨੱਚਣ ਖੁਸ਼ੀਆਂ ਸਾਰੇ ਜੱਗ ਦੇ ਦੁੱਖ ਹਰੀਂ
ਖ਼ੁਦਾਇਆ ਖ਼ੈਰ ਕਰੀਂ....
ਸਾਰੀ ਦੁਨੀਆ ਦੇ ਵਿਚ ਉੱਡਣ ਘੁੱਗੀਆਂ ਅਮਨ ਦੀਆਂ।
ਮਹਿਕਾਂ ਰਹਿਣ ਜਵਾਨ ਦਾਤਿਆ ਹਰ ਇਕ ਚਮਨ ਦੀਆਂ।
ਹਰ ਵੈਰ ਵਿਰੋਧ ਮਿਟਾ ਦੇ
ਸਭਨਾਂ ਨੂੰ ਪਿਆਰ ਸਿਖਾ ਦੇ।
ਹਰ ਤਪਦੀ ਸਰਹੱਦ ਦੇ ਉਤੇ ਬੱਦਲ ਬਣ ਕੇ ਆਣ ਵਰ੍ਹੀਂ
ਖ਼ੁਦਾਇਆ ਖ਼ੈਰ ਕਰੀਂ......
******************************@ADG

RSS Feed (xml)
No comments:
Post a Comment