Subscribe

RSS Feed (xml)

Powered By

Skin Design:
Free Blogger Skins

Powered by Blogger

Tuesday, March 1, 2011

" ਮਾਂ " ਸ਼ਬਦ ਦੇ ਅਰਥ ਨਹੀਂ ਹੁੰਦੇ ...


ਮਾਂ ਸੁਰਜੀਤ ਕੌਰ ਦਾ ਜਨਮ ਤਹਿਸੀਲ ਰਾਮਪੁਰਾ ਫੂਲ , ਜ਼ਿਲਾ ਬਠਿੰਡਾ ਦੇ ਨਿੱਕੇ ਜਿਹੇ ਪਿੰਡ ਜਿਉਂਦ 'ਚ ਸਰਦਾਰ ਕਰਤਾਰ ਸਿੰਘ ਭੁੱਲਰ ਦੇ ਘਰ ਅੱਜ ਤੋਂ ਲਗਭਗ ਸੱਤਾਸੀ ਸਾਲ ਪਹਿਲਾਂ ਹੋਇਆ ਸੀ । ਛੋਟੀ ਉਮਰੇ ਮਾਂ ਵਿਛੋੜਾ ਦੇ ਗਈ ਤਾਂ ਸਾਰੇ ਪਰਿਵਾਰ ਦਾ ਬੋਝ ਮੇਰੀ ਮਾਂ ਨੇ ਆਪਣੇ ਮੋਢਿਆਂ ਤੇ ਚੁੱਕ ਲਿਆ । ਮਾਂ ਦਾ ਵਿਆਹ ਜ਼ਿਲਾ ਬਠਿੰਡਾ ਦੇ ਪਿੰਡ ਫਰੀਦਕੋਟ ਕੋਟਲੀ ਦੇ ਰਹਿਣ ਵਾਲੇ ਸਰਦਾਰ ਉਦੇ ਸਿੰਘ ਨਾਲ ਹੋਇਆ , ਜੋ ਜ਼ਿਆਦਾ ਦੇਰ ਜਿਉਂਦੇ ਨਹੀਂ ਰਹਿ ਸਕੇ ।
ਇੱਥੇ ਮੈਂ ਇਹ ਸਪਸ਼ਟ ਕਰਨਾ ਚਾਹਾਂਗਾ ਕਿ ਮਾਂ ਨੇ ਮੈਨੂੰ ਜਨਮ ਨਹੀਂ ਦਿੱਤਾ , ਮੇਰੀ ਜਨਮਦਾਤੀ ਮਾਂ ਹੋਰ ਹੈ ਪਰ ਮਾਂ ਨੇ ਮੈਨੂੰ '' ਮਾਂ '' ਤੋਂ ਵੀ ਕਿਤੇ ਵੱਧ ਪਿਆਰ ਦਿੱਤਾ ! ਧਰਮ ਵਿੱਚ '' ਪਾਲਣਹਾਰ '' ਮਾਂ ਨੂੰ '' ਜਨਮਦੇਣ '' ਵਾਲੀ ਮਾਂ ਤੋਂ ਉੱਚਾ ਰੁੱਤਬਾ ਕਿਉਂ ਪ੍ਰਾਪਤ ਹੈ ਇਹ ਮੈਨੂੰ ਭਲੀਭਾਂਤ ਪਤਾ ਹੈ । ਇਹ ਸਮਝ ਮੈਨੂੰ ਮਾਂ ਸੁਰਜੀਤ ਕੌਰ ਦੇ ਪਿਆਰ ਨੇ ਹੀ ਦਿੱਤੀ । ਆਪਣੀ ਕਿਤਾਬ ''ਅਰਥਾਂ ਦਾ ਜੰਗਲ '' ਦੇ ਸਮਰਪਣ 'ਚ ਮੈਂ ਲਿਖਿਆ ਹੈ , '' ਪਾਲਣ ਵਾਲੀ ਮਾਂ ਸੁਰਜੀਤ ਕੌਰ , ਜਨਮ ਦੇਣ ਵਾਲੀ ਮਾਂ ਜੋਗਿੰਦਰ ਕੌਰ ਤੇ ਮਾਵਾਂ ਵਰਗੀਆਂ ਭੈਣਾਂ ਮਨਦੀਪ ਤੇ ਪ੍ਰਕਾਸ਼ ਨੂੰ ਸਮਰਪਿਤ " ਇਹ ਮਾਵਾਂ ਵਰਗੀਆਂ ਭੈਣਾ ਵੀ ਮੈਨੂੰ ਮਾਂ ਸੁਰਜੀਤ ਕੌਰ ਨੇ ਹੀ ਦਿੱਤੀਆਂ , ਦੁਨਿਆਵੀ ਰਿਸ਼ਤੇ 'ਚ ਮਾਂ ਸੁਰਜੀਤ ਕੌਰ ਦਰਅਸਲ ਮੇਰੀ ਮਾਸੀ ਹੈ { ਸੀ ਨਹੀਂ ਲਿਖ ਸਕਦਾ } ਪਰ ਮੈਂ ਉਸਨੂੰ ਸਦਾ ਮਾਂ ਹੀ ਕਿਹਾ ਤੇ ਜਨਮਦੇਣ ਵਾਲੀ ਮਾਂ ਨੂੰ ਸਦਾ ਮਾਸੀ ਹੀ ਕਿਹਾ ਹੈ । ਮਾਂ ਦੀ ਜ਼ਿੰਦਗੀ ਸ਼ੰਘਰਸ਼ ਦੀ ਇੱਕ ਨਿਰੰਤਰ ਗਾਥਾ ਹੈ ਜੋ ਕਦੇ ਮੈਂ ਇੱਕ ਨਾਵਲ ਦੇ ਰੂਪ 'ਚ ਬਿਆਨ ਕਰਨੀ ਚਾਹਾਂਗਾ । ਮੈਂ ਜਨਮ ਤੋਂ ਲੇ ਕੈ ਅੱਜ ਤੱਕ ਮਾਂ ਕੋਲ ਬਠਿੰਡੇ ਹੀ ਰਿਹਾ ਹਾਂ , ਇੱਥੇ ਹੀ ਪੜਿਆ , ਇੱਥੇ ਹੀ ਵਿਗਸਿਆ ਹਾਂ , ਮਾਂ ਨੇ ਮੈਨੂੰ ਸਭ ਤੋਂ ਵੱਧ ਪਿਆਰ ਦਿੱਤਾ ਤੇ ਮੈਂ ਮਾਂ ਨੂੰ ਸਭ ਤੋਂ ਵੱਧ ਪਿਆਰ ਕਰਦਾ ਹਾਂ । ਮੇਰੇ ਨਜ਼ਦੀਕੀ ਸਾਡਾ ਰਿਸ਼ਤਾ ਜਾਣਦੇ ਤੇ ਸਮਝਦੇ ਨੇ ! ਮੈਨੂੰ ਪਤਾ ਹੈ ਕਿ ਮੈਂ ਜੋ ਲਿਖ ਰਿਹਾ ਉਹ ਊਟ - ਪਟਾਂਗ ਹੀ ਹੈ ਕਿਉਂ ਕਿ ਹਾਲੇ ਮੈਂ ਕੁੱਝ ਵੀ '' ਵਧੀਆ' '' ਤੇ " ਸਲੀਕੇਦਾਰ " ਲਿਖਣ ਦੇ ਯੋਗ ਨਹੀਂ ਹਾਂ...ਹਾਲਤ ਹੀ ਅਜਿਹੀ ਹੈ । ਮੈਂ ਤਾਂ ਬੱਸ ਇੰਨਾ ਜਾਣਿਆ ਹੇ ਕਿ '' ਮਾਂ '' ਦਾ ਵਿਛੋੜਾ ਦੁਨੀਆ ਦਾ ਸਭ ਤੋਂ ਵੱਡਾ ਵਿਛੋੜਾ ਹੈ... '' ਮਾਂ '' ਸ਼ਬਦ ਦੁਨੀਆ ਦਾ ਸਭ ਤੋਂ ਵੱਡਾ ਸ਼ਬਦ ਹੈ ਇਸਦੇ ਅਰਥ ਨਹੀਂ ਹੋ ਸਕਦੇ...ਜਿਵੇਂ ਦੁੱਖ ਦੇ ਅਰਥ ਨਹੀਂ ਹੋ ਸਕਦੇ..ਜਿਵੇਂ ਪਿਆਰ ਦੇ ਅਰਥ ਨਹੀਂ ਹੋ ਸਕਦੇ.....ਜਿਵੇਂ ਰੱਬ ਦੇ ਅਰਥ ਨਹੀਂ ਹੋ ਸਕਦੇ ..ਇੱਕ ਗੱਲ ਹੋਰ ਮੇਰੇ 'ਚ ਜੋ ਵੀ ਚੰਗਾ ਹੈ ਉਹ ਮੇਰੀ ਮਾਂ ਦੀ ਦੇਣ ਹੈ...ਜੋ ਬੁਰਾ ਹੈ ਉਹ ਮੈਂ ਦੁਨੀਆ 'ਚੋਂ ਆਪ "ਕਮਾਇਆ " ਹੈ....ਚੁਤਾਲੀ ਸਾਲ ਦੀ ਉਮਰ 'ਚੋਂ ਸਿਰਫ ਪੰਜ ਸਾਲ ਮੈਂ ਜਨਮਦਾਤੀ ਮਾਂ ਜੋਗਿੰਦਰ ਕੌਰ ਤੇ ਬਾਪੂ ਕਾਮਰੇਡ ਸੁਰਜੀਤ ਗਿੱਲ ਕੋਲ ਰਿਹਾ ਹਾਂ ਬਾਕੀ ਸਾਰੀ ਉਮਰ ਮਾਂ ਸੁਰਜੀਤ ਕੌਰ ਦੀ ਛਾਂਅ 'ਚ ਹੀ ਗੁਜ਼ਾਰੀ ਹੈ.... 29 july ਦੀ ਰਾਤ 10.30 'ਤੇ ਉਸ ਮਾਂ ਨੇ ਮੇਰੇ ਹੱਥਾਂ 'ਚ ਆਪਣੇ ਆਖਰੀ ਸਾਹ ਲਏ ਤੇ ਫੇਰ ਸਦਾ ਲਈ ਮੇਰੇ ਸਾਹਾਂ 'ਚ ਘੁਲ ਗਈ...ਹੁਣ ਮਾਂ ਬਾਹਰੀ ਦੁਨੀਆ 'ਚ ਨਹੀ ਰਹੀ ਪਰ ਮੇਰੇ ਅੰਦਰ ਸਦਾ ਜਿਉਂਦੀ ਰਹੇਗੀ..ਜਦ ਤੱਕ ਮੈਂ ਜਿਉਂਦਾ ਹਾਂ...!

No comments:

Post a Comment