
ਕਦੇ ਆ ਜਾਂਦੇ , ਕਦੇ ਮੁੜ ਜਾਂਦੇ
ਕਦੇ ਰੁਕ ਜਾਦੇ , ਕਦੇ ਰੁੜ ਜਾਂਦੇ
ਦਰਦਾਂ ਦੀ ਬਾਤ ਲਈ ਆਪੇ ਹੀ ਹੁੰਗਾਰਾ ਨੇ !
ਹੁਣ ਮੇਰੇ ਨੈਣਾਂ ਵਿੱਚ ਹੰਝੂ ਵੀ ਆਵਾਰਾ ਨੇ !
ਹੁਣ ਮੇਰੇ.....................................
...ਨੀਂਦ ਦੀਆਂ ਗਲੀਆਂ 'ਚ ਖਾਬਾਂ ਦੇ ਨੇ ਘਰ ਲੱਖਾਂ
ਘਰਾਂ ਵਿੱਚ ਕੋਈ ਨਹੀਂਓ ਵੱਸਦਾ !
ਏਹੋ ਜਿਹੇ ਸਹਿਰ ਵਿੱਚ ਰਹਿਣਾ ਏ ਪ੍ਰੇਤਾਂ ਵਾਂਗੂ
ਹੌਕਿਆਂ ਦੀ ਹਿੱਕ ਵਿੱਚ ਜਿਵੇਂ ਕੋਈ ਹੱਸਦਾ !
ਕਦੇ ਸੁੱਕ ਜਾਂਦੇ , ਕਦੇ ਮੁੱਕ ਜਾਂਦੇ
ਥਲਾਂ ਦੀ ਪਿਆਸ ਨੂੰ ਪਾਣੀਆਂ ਦਾ ਲਾਰਾ ਨੇ !
ਹੁਣ ਮੇਰੇ.....................................
ਰੋਹੀ ਬੀਆਬਾਨ ਵਿੱਚ , ਦੂਰ ਅਸਮਾਨ ਵਿੱਚ
ਇੱਕ ਫੁੱਲ ਮੇਰਾ ਇੱਕ ਤਾਰਾ ਸੀ !
ਸੱਪਣੀ ਦੀ ਕੁੰਜ ਵਿੱਚ , ਸ਼ਿਕਰੇ ਦੀ ਚੁੰਝ ਵਿੱਚ
ਮੇਰਾ ਇੱਕ ਸੁਪਨਾ ਕੁਆਰਾ ਸੀ !
ਕਦੇ ਰਹਿ ਜਾਂਦੇ , ਕਦੇ ਵਹਿ ਜਾਂਦੇ
ਬੂੰਦ ਬੂੰਦ ਲਹੂ ਵਿੱਚ ਘੁਲਿਆ ਜੋ ਪਾਰਾ ਨੇ !
ਹੁਣ ਮੇਰੇ ........................................
ਮਹਿੰਦੀ ਵਾਲੇ ਬੂਟੇ ਉੱਤੇ ਕੋਇਲ ਤਾਂ ਬੈਠ ਜਾਵੇ
ਤਿੱਤਲੀ ਕਿਉਂ ਸਮਝੇ ਫੁੱਲ ਅੰਗਿਆਰਾਂ ਨੂੰ !
ਝਾਂਜਰਾਂ ਘੜਾ ਕੇ ਭੇਜੇ , ਗਾਨੀਆਂ ਬਣਾ ਕੇ ਭੇਜੇ
ਕੌਣ ਭਲਾ ਅੰਬਰੀਂ ਕੂੰਜਾਂ ਦੀਆਂ ਡਾਰਾਂ ਨੂੰ !
ਕਦੇ ਡਰ ਜਾਂਦੇ , ਕਦੇ ਵਰ ਜਾਂਦੇ
ਮੇਰਿਆਂ ਗਮਾਂ ਦਾ "ਗਿੱਲ" ਇੱਕੋ ਹੀ ਸਹਾਰਾ ਨੇ !
ਹੁਣ ਮੇਰੇ........................................!
@ਅਮਰਦੀਪ ਸਿੰਘ ਗਿੱਲ 9988262870

RSS Feed (xml)
No comments:
Post a Comment