
ਅਣਖੀ ਹੋਣਾ ਸੌਖਾ ਨਹੀਂ ਹੁੰਦਾ !
ਆਪਣੇ ਘਰ ਦੀਆਂ ਨੀਹਾਂ ਦੀ
ਡੂੰਘਾਈ ਮਿਣਨੀ ਛੱਡ ਕੇ ,
ਧਰਤੀ ਮਿਣਨਾ
ਹਰ ਕਿਸੇ ਨੂੰ ਨਹੀਂ ਆ ਸਕਦਾ ,
ਜ਼ਿੰਦਗੀ ਨਾਲ ਲੜਦਿਆਂ
ਜੀਣ ਲਈ ਲੜਦਿਆਂ
ਹਾਲਾਤ ਦੇ "ਮਲ੍ਹੇ -ਝਾੜੀਆਂ" 'ਚੋਂ
ਨੰਗੇ ਪਿੰਡੇ ਗੋਡਿਆਂ ਭਾਰ ਲੰਘਣਾ ਪੈਂਦਾ ਹੈ !
ਅਣਖੀ ਹੋਣਾ ਸੌਖਾ ਨਹੀਂ ਹੁੰਦਾ !
ਧੌਲੇ ਦੀ ਰੇਤਲੀ ਧਰਤ ਤੇ
ਉਂਗਲ ਨਾਲ "ਕੋਠੇ ਖੜਕ ਸਿੰਘ" ਲਿਖਣ ਲਈ
ਉਵੇਂ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ
ਜਿਵੇਂ ਟਿੱਬਿਆਂ ਤੇ ਝੋਨਾ ਲਾਉਣਾ ਹੋਵੇ ,
ਝੋਲੇ 'ਚ ਕਿਤਾਬਚੇ ਭਰ ਕੇ
ਸਾਇਕਲ ਤੇ ਪਿੰਡ ਪਿੰਡ ਹਰਫਾਂ ਦੀ
ਗੰਢ ਲੈ ਕੇ ਜਾਣਾ ,
ਅੱਜ ਦੀ ਪੀੜੀ ਨੂੰ ਸਮਝ ਨਹੀਂ ਆਉਣਾ ,
ਕਿਉਂਕਿ ਅਣਖੀ ਹੋਣਾ ਸੌਖਾ ਨਹੀਂ ਹੁੰਦਾ !
ਜ਼ਿੰਦਗੀ ਦੇ ਵਾਰ ਵਾਰ ਉਧੱੜਦੇ ਬਾਣ ਦੇ ਮੰਜੇ ਨੂੰ
ਅੱਖਾਂ ਦੀਆਂ ਪਲਕਾਂ ਨਾਲ
ਕੋਈ ਜਾਦੂਗਰ ਹੀ ਬੁਣ ਸਕਦਾ ਹੈ ,
ਹਰ ਇਨਸਾਨ ਨੂੰ ਇਨਸਾਨ ਹੋਣਾ ਨਹੀਂ ਆਉਂਦਾ
ਭਾਸ਼ਾ ਹੋ ਜਾਣਾ ਤਾਂ ਬਹੁਤ ਸੂਖਮ ਗੱਲ ਹੈ
ਤੇ ਫਿਰ ਭਾਸ਼ਾ ਦਰ ਭਾਸ਼ਾ ਆਪਣਾ
ਅਨੁਵਾਦ ਹੋ ਜਾਣਾ ਉਨਾਂ ਹੀ ਔਖਾ ਹੈ
ਜਿੰਨਾ ਅਣਖੀ ਹੋ ਜਾਣਾ !!
ਰਿਸ਼ਤਿਆਂ ਦੀਆਂ ਰਚਨਾਵਾਂ ਦਾ
ਪੰਜਾਬੀ 'ਚ ਅਨੁਵਾਦ ਕਰਕੇ
ਆਪਣੇ "ਪਿੰਡ ਦੀ ਮਿੱਟੀ" 'ਚ
ਬਿਗਾਨੀ ਭਾਸ਼ਾ ਦੇ ਸ਼ਬਦਕੋਸ਼ ਬੀਜ ਦੇਣਾਂ
ਅਣਖੀ ਦੇ ਹਿੱਸੇ ਹੀ ਆਇਆ ਹੈ !
ਆਪਣੇ ਅੰਤਲੇ ਸਾਹ ਤੀਕ
ਕਲਮ ਨਾਲ ਕਲੰਘੜੀ ਪਾਈ ਰੱਖਣਾ,
ਦਾਦਾ ਬਣ ਹਰਫਾਂ ਦੇ ਬਾਲ ਖਿਡਾਉਣਾਂ ,
ਸਫਰ ਤੇ ਨਿਕਲਿਆਂ ਅਲਵਿਦਾ ਕਹਿ ਜਾਣਾ ,
'ਤੇ ਆਪਣੇ ਸੁਪਨਿਆਂ ਤੋਂ ਅਗਾਂਹ ਲੰਘ ਜਾਣਾ
ਸੱਚਮੁੱਚ ਬੜਾ ਔਖਾ ਹੁੰਦਾ ਹੈ
ਬਿਲਕੁਲ ਉਵੇਂ ਜਿਵੇਂ
ਅਣਖੀ ਹੋਣਾ ਸੌਖਾ ਨਹੀਂ ਹੁੰਦਾ !
"ਬੇਰੀਆਂ ਵਾਲੇ ਬਾਹਮਣਾਂ " ਦੇ ਘਰ ਜੰਮ ਕੇ
ਪੇਂਦੂ ਬੇਰ ਬਣ
"ਹਰੀਗੜ ਵਾਲੀ ਨਹਿਰ" ਦੇ ਪਾਣੀਆਂ ਸੰਗ
ਆਪਣੇ ਪਿੰਡਾਂ ਦੇ ਖੇਤਾਂ 'ਚ ਰੇਹ ਵਾਂਗ ਖਿੰਡ ਜਾਣਾ ,
ਤੇ ਰੇਹ ਹੋਣ ਤੋਂ ਪਹਿਲਾਂ
ਵਸੀਅਤ 'ਚ ਲਿਖ ਕੇ ਜ਼ਰਖੇਜ ਸ਼ਬਦ ,
ਲੇਖਣੀ ਤੇ ਰਹਿਣੀ ਨੂੰ ਸਮ-ਅਰਥ ਕਰ ਜਾਣਾ
ਹਰ ਕਲਮ ਲਈ ਸੰਭਵ ਨਹੀਂ ਹੁੰਦਾ
ਅਣਖੀ ਹੋਣਾ ਸੌਖਾ ਨਹੀਂ ਹੁੰਦਾ !
***************************@ADG
14 ਫਰਵਰੀ 2010 ਨੂੰ ਸਦੀਵੀ ਵਿਛੋੜਾ ਦੇ ਗਏ ਮਹਾਨ ਲੇਖਕ ਦੀ ਪਹਿਲੀ ਬਰਸੀ ਤੇ ਸ਼ਰਧਾਂਜਲੀ ਸਵਰੂਪ - ਅ.ਦ.ਗਿੱਲ

RSS Feed (xml)
No comments:
Post a Comment