Subscribe

RSS Feed (xml)

Powered By

Skin Design:
Free Blogger Skins

Powered by Blogger

Sunday, February 20, 2011

ਰਾਹੁਲ* : ਮੱਕੀ ਦਾ ਦਾਣਾ (ਕਾਵਿ-ਚਿੱਤਰ)


ਉਸਦਾ ਅੰਦਰ ਹਰ ਵੇਲੇ ਨੱਚਦਾ ਰਹਿੰਦਾ ਸੀ

ਪਤਾ ਨਹੀਂ ਕਿਸ ਸ਼ਿਵ ਦਾ ਤਾਂਡਵ ਕੈਦ ਸੀ

ਉਸਦੇ ਮਾੜੂਏ ਜਿਹੇ ਜੁੱਸੇ ਵਿੱਚ ,

ਜੋ ਟਿਕ ਕੇ ਨਹੀਂ ਸੀ ਬੈਠਣ ਦਿੰਦਾ ਉਸਨੂੰ !

ਪਤਾ ਨਹੀਂ ਕੇਹਾ ਚੱਕਰ ਸੀ ਉਸਦੇ ਪੈਰਾਂ ਵਿੱਚ !

ਪਤਾ ਨਹੀਂ ਕੇਹੇ ਤੂਫਾਨ ਕੈਦ ਸਨ ਉਸਦੇ ਸਾਹਾਂ ਵਿੱਚ !

ਪਤਾ ਨਹੀਂ ਕੇਹੇ ਭੂਚਾਲ ਬੰਨੇ ਸਨ

ਉਸਦੇ ਰਸਤਿਆਂ ਨਾਲ !

ਪਤਾ ਨਹੀਂ ਕੇਹੇ ਅੰਗਿਆਰ ਖਿੰਡੇ ਸਨ

ਉਸਦੇ ਸਫਰ ਦੇ ਬਿਸਤਰ 'ਤੇ !

ਉਸਦਾ ਅੰਦਰ ਹਰ ਵੇਲੇ ਨੱਚਦਾ ਰਹਿੰਦਾ ਸੀ

ਉਹ ਹਰ ਵੇਲੇ ਤੜਪਦਾ ਰਹਿੰਦਾ ਸੀ

ਉਸਦੇ ਨਾਚ ਵਿੱਚ ਤੜਪ ਸੀ

ਤੇ ਤੜਪ ਵਿੱਚ ਨਾਚ !

ਕੋਈ ਬੇਚੈਨੀ ਨੱਥੀ ਸੀ ਉਸਦੀ ਰੂਹ ਨਾਲ

ਉਸਦੇ ਲਹੂ 'ਚ ਕੋਈ ਅੱਗ ਤੁਰਦੀ ਸੀ

ਇਹ ਸ਼ਹਿਰ** ਬਹੁਤ ਛੋਟਾ ਸੀ

ਉਸਦੇ ਸਪਨੇ ਬਹੁਤ ਵੱਡੇ ਸੀ ,

ਉਸਦੀਆਂ ਪੁਲਾਘਾਂ ਬਹੁਤ ਲੰਬੀਆਂ ਸਨ

ਇਹ ਮੰਚ ਬਹੁਤ ਭੀੜਾ ਸੀ

ਉਸਦੇ ਪਾਤਰ ਦੀ ਆਦਾਕਾਰੀ ਲਈ ,

ਇਹ ਭੂਮਿਕਾ ਬਹੁਤ ਨਿਗੂਣੀ ਸੀ

ਉਸਦੀ ਪ੍ਰਤਿਭਾ ਦੇ ਸਾਹਮਣੇ ,

ਬਹੁਤ ਕਾਹਲੀ ਸੀ ਉਸਦੀਆਂ ਮੁਦਰਾਵਾਂ 'ਚ ,

ਹੁਣੇ ਤੁਹਾਡੇ ਕੋਲ ਖੜਕੇ

ਕੋਈ ਹਾਸ ਸੰਵਾਦ ਕਹੇਗਾ

ਤੇ ਫਿਰ ਅੱਖ ਦੇ ਫੋਰ ਨਾਲ ਤਾੜੀ ਮਾਰ ਕੇ

ਤੁਹਾਡੇ ਠਹਾਕੇ ਦੀ ਹੱਦ ਤੋਂ ਦੂਰ ਜਾ ਖੜੇਗਾ !

ਕੋਈ ਸ਼ਰਾਰਤੀ ਵਿਦੂਸ਼ਕ ਸੀ ਉਹ..!!

ਸੀ ਤਾਂ ਨਾਂਅ ਉਸਦਾ "ਰਾਹੁਲ"

ਪਰ ਜ਼ਿੰਦਗੀ ਉਸਨੂੰ "ਗੌਤਮ" ਦੀ ਮਿਲੀ

ਇੱਕ ਦਿਨ ਬਾਪ ਗੌਤਮ ਸਣੇ

ਸੁੱਤਾ ਘਰ ਤੇ ਸੁੱਤਾ "ਕਪਲ-ਵਸਤੂ" ਛੱਡ

ਉਹ ਨਿਰਵਾਣ ਦੀ ਤਲਾਸ਼ 'ਚ ਨਿਕਲ ਗਿਆ

ਜ਼ਿੰਦਗੀ ਦੇ ਰੰਗ ਮੰਚ ਦਾ ਹਰਫਨਮੌਲਾ ਕਾਲਕਾਰ ਸੀ ਉਹ !

ਇਸਕ ਹੋਵੇ ਜਾਂ ਸ਼ਾਇਰੀ

ਨਾਟਕ ਹੋਵੇ ਜਾਂ ਰਾਜਧਾਨੀ ਦੀ ਨੌਕਰੀ

ਉਹ ਵੇਸ-ਭੂਸ਼ਾ ਬਦਲੇ ਬਿਨਾਂ ਹੀ

ਸਫਲਤਾ ਪੂਰਵਕ ਨਿਭਾਉਂਦਾ ਰਿਹਾ

ਹਰ ਰੰਗ, ਹਰ ਰਸ...!

ਉਸਦਾ ਅੰਦਰ ਹਰ ਵੇਲੇ ਨੱਚਦਾ ਰਹਿੰਦਾ ਸੀ

ਉਹ ਹਰ ਪਿੰਜਰੇ 'ਚ ਨੱਚਦਾ ਸੀ ,

ਹਰ ਪਲ ਅੰਬਰ ਨੂੰ ਕਲਾਵੇ 'ਚ ਭਰਨ ਲਈ

ਤੱਤਪਰ ਰਹਿੰਦੀਆਂ ਸਨ ਉਸਦੀਆਂ ਬਾਹਵਾਂ ,

ਉਸਨੇ ਕੰਡਿਆਲੇ ਵਕਤ ਨੂੰ ਪਹਿਨਿਆ

ਪਰ ਜਲਦ ਹੀ ਉਤਾਰ ਕੇ

ਆਪਣੇ ਤਨ ਦੇ ਹਰ ਪਾਤਰ ਦਾ ਬਾਣਾ

ਉਹ ਸਦਾ ਲਈ ਅਲੋਪ ਹੋ ਗਿਆ

ਦੁਨੀਆਂ ਦੇ ਰੰਗ ਮੰਚ ਤੋਂ...!

ਜਾਂ ਜ਼ਿੰਦਗੀ ਦੇ ਨਾਟਕ ਦਾ

ਸ਼ਾਇਦ ਮਹਿਮਾਨ ਪਾਤਰ ਸੀ ਉਹ

ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਣ ਆਇਆ ,

ਇਹ ਜਨਮ ਤਾਂ ਉਸਦਾ "ਸਪੈਸ਼ਲ ਅਪੀਰੀਐਂਸ" ਸੀ !

ਉਹ ਕਿ ਜਿਸਦਾ ਅੰਦਰ ਹਰ ਵੇਲੇ ਨੱਚਦਾ ਰਹਿੰਦਾ ਸੀ

ਜਿਵੇਂ ਭੱਠੀ ਵਾਲੀ ਦੀ ਕੜਾਹੀ ਵਿੱਚ

ਭੁੰਨਿਆ ਜਾ ਰਿਹਾ

ਮੱਕੀ ਦਾ ਦਾਣਾ ਨੱਚਦਾ ਹੈ

ਪਰ ਹਾਏ....

ਖਿੱਲ ਨਾ ਬਣ ਸਕਿਆ ਉਹ !
************************
**ਰਾਹੁਲ ਕੌਸ਼ਲ... ਸਾਡਾ ਵੀਰ , ਸਾਡਾ ਯਾਰ , ਇੱਕ ਕਵੀ , ਇੱਕ ਰੰਗਕਰਮੀ , ਇੱਕ ਅਦਾਕਾਰ , 1999 'ਚ 28 ਫਰਵਰੀ ਨੂੰ ਸੰਗਰੂਰ ਨੇੜੇ ਇੱਕ ਸੜਕ ਹਾਦਸੇ 'ਚ ਸਾਡੇ ਤੋਂ ਵਿੱਛੜ ਗਿਆ ਸੀ , ਅਸੀਂ ਸਦਾ ਉਸਦੀ ਯਾਦ ਨੂੰ ਨਤਮਸਤਕ ਹਾਂ , ਰਾਹੁਲ ਯਾਦਗਾਰੀ ਕਮੇਟੀ ਵੱਲੋਂ ਹਰ ਸਾਲ "ਕਲਾ ਮੇਲਾ" ਕਰਵਾਇਆ ਜਾਂਦਾ ਹੈ !

No comments:

Post a Comment